Saturday, April 11, 2015

ਗੁਰੂ ਗੋਬਿੰਦ ਸਿੰਘ ਅਤੇ ਦਸਮ ਗ੍ਰੰਥ ਬੋਧ—I




ਗੁਰੂ ਗੋਬਿੰਦ ਸਿੰਘ ਅਤੇ ਦਸਮ ਗ੍ਰੰਥ ਬੋਧ—I 


ਗੁਰੂ ਗ੍ਰੰਥ ਸਾਹਿਬ ਅਤੇ ਦਸਮ ਗ੍ਰੰਥ ਵਿੱਚ ਚਿਰਕਾਲੀਨ (ਸਦਾਬਹਾਰ ) ਭਾਰਤੀ ਦਾਰਸ਼ਨਿਕ ਪਦ:

ਅਸੀਂ ਸਿੱਖ ਧਾਰਮਿਕ ਗ੍ਰੰਥਾਂ ਅੰਦਰ ਸਹਜ, ਸੁੰਨ/ਸ਼ੂਨ੍ਯ, ਤੁਰੀਆ/ਤੁਰੀਯਾ, ਅਨਹਦ, ਨਿਰਵਾਣ ( ਪਾਲੀ ਭਾਸ਼ਾ ਦਾ ਨਿਬਾਨ ), ਸਮਾਧੀ ਅਤੇ ਓਮਕਾਰ/ਓੰਕਾਰ/ਓਅੰਕਾਰ ਆਦਿ ਅਨੇਕਾਂ ਅਜਿਹੇ ਪਦਾਂ ਦਾ ਇਸਤੇਮਾਲ ਹੋਇਆ ਵੇਖਦੇ ਹਾਂ ਜਿਹਨਾਂ ਦਾ ਉਦਗਮ ਭਾਵੇਂ ਵੈਦਿਕ-ਸਾਹਿਤ ਦੇ ਪੂਰਬ ਕਾਲ ਦਾ ਹੈ ਪਰ ਦਾਰਸ਼ਨਿਕ ਤੱਤਾਂ ਵਾਲਾ ਆਧਾਰ ਇਹ ਉਪਨਿਸ਼ਦਾਂ ਅਤੇ ਮਹਾਭਾਰਤ ਦੇ ਸਮੇਂ ਤੱਕ ਪੁਜਕੇ ਹੀ ਪ੍ਰਾਪਤ ਕਰਦੇ ਹਨ। ਫਿਰ ਜੈਨ-ਮੱਤ, ਬੁੱਧ-ਮੱਤ, ਸ਼ੈਵ-ਮੱਤ ਅਤੇ ਨਾਥਪੰਥੀ ਯੋਗੀਆਂ ਦੀਆਂ ਜਮਾਤਾਂ ਵਿੱਚ ਇਹੋ ਪਦਾਂ ਦੀਆਂ ਕਦ੍ਰਾਂ/ਤਾਰੀਫਾਂ ਇੱਕ ਨਾਟਕੀ ਪੁਨਰ-ਮੁੱਲਾਂਤਰਣ ਵਿੱਚੋਂ ਗੁਜ਼ਰਦੀਆਂ ਹਨ। ਬੁੱਧ ਦੇ ਪਰਮ-ਨਿਰਵਾਣ ਤੋਂ ਦੋ ਹਜ਼ਾਰ ਸਾਲ ਮਗਰੋਂ ਸਿੱਖ ਗੁਰੂ ਸਾਹਿਬਾਨ ਦੀਆਂ ਸ੍ਰਿਜਣਾਤਮਿਕ ਪ੍ਰਤਿਭਾਵਾਂ ਦੇ ਆਪਣੇ ਜ਼ਾਤੀ ਰਹੱਸਵਾਦੀ ਅਨੁਭਵ ਦੀ ਕ੍ਰਿਪਾ ਸਦਕਾ ਇਹੋ ਪਦ ਮੁੜ-ਪਰੀਭਾਸ਼ਿਤ ਕੀਤੇ ਜਾਂਦੇ ਹਨ। ਆਪਣੇ ਸਿਧਾਂਤਕ/ਤਾਤਵਿਕ ਗਿਆਨ ਅਤੇ ਜ਼ਾਤੀ ਰਹੱਸਾਤਮਿਕ ਅਨੁਭਵ ਅਨੁਸਾਰ ਸਿੱਖ ਗੁਰੂ ਸਾਹਿਬਾਨ ਨੇ ਜਿਹਨਾਂ ਪਦਾਂ ਅਤੇ ਸੰਕਲਪਾਂ ਦਾ ਰੂਪਾਂਤਰਣ ਕਰਨ ਲਈ ਇਹਨਾਂ ਨੂੰ ਪੁਨਰ-ਪਰਿਭਾਸ਼ਿਤ ਕਰਦਿਆਂ ਇਹਨਾਂ ਦੀ ਕਦ੍ਰ ਚੁੱਕਣ ਲਈ ਸਿਰਫ਼ ਵੈਦਿਕ ਪਰੰਪਰਾਵਾਂ ( ਹਿੰਦੂਮੱਤ ਅਤੇ ਬੁੱਧਮੱਤ ) ਵਿਚੋਂ ਹੀ ਚੋਣ ਨਹੀਂ ਕੀਤੀ ਸਗੋਂ ਸਾਮੀ ਪਰੰਪਰਾਵਾਂ ਵਿੱਚੋਂ ਵੀ ਨਮਾਜ਼, ਕਲਿਮਾ, ਮਾਰਫਤਿ ( ਇਰਫ਼ਾਨ ), ਤਰੀਕਤਿ, ਹਕ਼ੀਕਤ, ਸਿਦਕੁ ਅਤੇ ਜ਼ਿਕ੍ਰ ( ਧਿਕ੍ਰ ) ਆਦਿ ਅਨੇਕਾਂ ਸੰਕਲਪ ਪੁਨਰ-ਪਰਿਭਾਸ਼ਿਤ ਹੋ ਕੇ ਨਵੇਂ ਅਰਥਾਂ ਸਹਿਤ ਗੁਰੁਮੱਤਿ  [Philosophy of the Holy Preceptor (GURU)]. ਅਨੁਸਾਰੀ ਮਾਨਤਾ ਪਾਉਂਦੇ ਹਨ। ਹੁਣ, ਇਹਨਾਂ ਪਦਾਂ ਨੂੰ ਸਿੱਖ ਧਰਮ-ਗ੍ਰੰਥਾਂ ਵਿੱਚ ਦੇਖਣ ਸਾਰ ਜੋ ਇਹ ਸਿੱਟਾ ਕੱਢਣ ਲਈ ਤਾਹੂ ਹੋ ਜਾਂਦੇ ਹਨ ਕਿ ਸਿੱਖ ਗੁਰੂ-ਸਾਹਿਬਾਨ ਨੇ ਅਨ੍ਯ ਧਰਮਾਂ ਅਤੇ ਪਰੰਪਰਾਵਾਂ ਤੋਂ ਉਧਾਰੀ ਕੀਤੀ ਹੈ ਉਹ, ਸਿੱਖ ਗ੍ਰੰਥਾਂ ਜਾਂ ਇਹਨਾਂ ਧਾਰਮਿਕ ਅਤੇ ਦਾਰਸ਼ਨਿਕ ਪਰੰਪਰਾਵਾਂ, ਅਤੇ ਜਾਂ ਦੋਵਾਂ ਬਾਰੇ ਹੀ, ਤਿਮਰ ਅਗਿਆਨ ਦੀ ਇੱਕ ਸਿੱਕੇ-ਬੰਦ ਮਿਸਾਲ ਪੇਸ਼ ਕਰਦੇ ਹਨ।

ਦੂਜੇ, ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਆਦਰਸ਼ ਕ਼ਾਜ਼ੀ, ਯੋਗੀ, ਪੰਡਿਤ, ਬੈਸਨੋ ( ਵੈਸ਼ਣਵ ), ਮੁਸਲਿਮ, ਸ਼ੇਖ਼, ਬ੍ਰਾਹਮਣ, ਸੰਨਿਆਸੀ, ਹਾਜ਼ੀ, ਅਤੇ ਮੁੱਲਾਂ ਆਦਿ ਸਭ ਨੂੰ ਪਰਿਭਾਸ਼ਿਤ ਕਰਦੇ ਅਨੇਕਾਂ ਸ਼ਬਦ ਹਨ। ( ਗੁਰੂ ਗ੍ਰੰਥ ਸਾਹਿਬ, ਅੰਗ 24, 1084;  223; 128, 274; 199,274, 858; 140, 1084; 662; 1013;1084; 1059). ਇਨ੍ਹਾਂ ਆਦਰਸ਼ਕ ਪਰਿਭਾਸ਼ਾਵਾਂ ਤੋਂ ਇਹ ਅਰਥ ਨਹੀਂ ਲਿਆ ਜਾ ਸਕਦਾ ਕਿ ਗੁਰੂ ਸਾਹਿਬਾਨ ਦਾ ਮੰਤਵ-ਭਾਵ ਇਹ ਹੈ ਕਿ ਅਸੀਂ ਗੁਰਮਤਿ ਤਿਆਗ ਕੇ ਕ਼ਾਜ਼ੀ, ਯੋਗੀ, ਪੰਡਿਤ, ਵੈਸ਼ਣਵ, ਸ਼ੇਖ਼, ਬ੍ਰਾਹਮਣ, ਸੰਨਿਆਸੀ, ਹਾਜ਼ੀ ਜਾਂ ਮੁੱਲਾ ਬਣ ਜਾਈਏ। ਇਹ ਅਨ੍ਯ ਮੱਤਾਂ ਨਾਲ ਸੰਵਾਦ ਰਚਾਉਣ ਦੇ ਪਹਿਲੇ-ਪਹਿਲ ਯਤਨਾਂ ਦਾ ਇੱਕ ਅੰਦਾਜ਼ ਹੈ ਕਿਉਂਕਿ ਸਿੱਖੀ ਵਿਸ਼ਵਾਸ ਧਰਮ-ਪ੍ਰੀਵਰਤਨ ਵਿੱਚ ਨਹੀਂ ਸਗੋਂ ਧਰਮ-ਪ੍ਰਤੀ-ਪ੍ਰੇਰਣ ਵਿੱਚ ਹੈ। ਸਿੱਖ ਮੱਤ ਵਿੱਚ ਸ਼ਮੂਲੀਅਤ ਲਈ ਸਭਨਾਂ ਮੱਤਾਂ ਵਾਲਿਆਂ ਲਈ ਦਰਵਾਜ਼ੇ ਖੋਲ੍ਹਣ ਵਜੋਂ ਜੋ ਦੂਸਰਾ ਕਦਮ ਸੀ ਉਹ ਇਸ ਨੁਕਤੇ ਨੂੰ ਉਭਾਰ ਕੇ ਦਰਸਾਉਣਾ ਸੀ ਕਿ ਧਿਆਨ ਦੀਆਂ ਮੁਸ਼ਕਲ ਕ੍ਰਿਆਵਾਂ ਦੁਆਰਾ ਜਿਸ ਅਧਿਆਤਮਿਕ ਪ੍ਰਬੋਧਨ ਦੀ ਸਿਖਰ ਤੋਂ ਜਾਣੂੰ ਹੋਇਆ ਜਾਂਦਾ ਹੈ ਉਹ 'ਸ਼ਬਦ ਗੁਰਬਾਣੀ' ਨਾਲ ਸਹਿਜ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ।   
ਗੁਰੂ-ਹੁਕੁਮ ਹੈ:


ਸੁਣਿਐ ਸਿਧ ਪੀਰ ਸੁਰਿ ਨਾਥ ॥ ਸੁਣਿਐ ਧਰਤਿ ਧਵਲ ਆਕਾਸ ॥
ਧਿਆਨ ਸਿਮਰਨ ਵਿੱਚ ਉਸਦਾ ਰਹੱਸਮਈ ਨਾਮੁ ਸੁਣਣਿ ਉਨ੍ਹਾਂ ਦੈਵੀ ਗੁਣਾਂ ਦਾ ਪ੍ਰਕਾਸ਼ ਹੁੰਦਾ ਹੈ ਜੋ ਸਿੱਧਾਂ, ਪੀਰਾਂ, ਸੁਰਾਂ ਅਤੇ ਨਾਥ ਯੋਗੀਆਂ ਨੂੰ ਹੁੰਦਾ ਹੈ। ( ਗੁਰੂ ਗ੍ਰੰਥ ਸਾਹਿਬ, ਜਪੁ ਜੀ, ਪਉੜੀ 8, ਅੰਗ 2 )    
ਗੁਰਸਿੱਖਾਂ ਨੂੰ ਹਿਦਾਇਤ ਹੈ ਕਿ ਉਹ ਉਸ ਇੱਕ ਅਪ੍ਰਗਟ ਅਬਿਨਾਸ਼ੀ ਸਤਿਗੁਰੂ ( ੧=ਨਿਰਗੁਣ ) ਦੇ ਪ੍ਰਗਟ ਆਤਮੇ ( ਓੰਕਾਰ=ਸਰਗੁਣ ) ਨੂੰ ਸਾਰੇ ਹੀ ਸਾਧਾਂ, ਸੰਤਾਂ, ਨਬੀਆਂ, ਪੈਗੰਬਰਾਂ, ਅਵਤਾਰਾਂ ਵਿੱਚ ਪੇਖਣ:


ਗੁਰੁ ਈਸਰੁ ਗੁਰੁ ਗੋਰਖੁ ਬਰਮਾ ਗੁਰੁ ਪਾਰਬਤੀ ਮਾਈ ॥
"ਸਤਿਗੁਰੂ ਸ਼ਿਵੁ ਹੈ। ਸਤਿਗੁਰੂ ਗੋਰਖੁ ਹੈ। ਸਤਿਗੁਰੂ ਬ੍ਰਹਮਾ ਹੈ। ਸਤਿਗੁਰੂ ਪਾਰਬਤੀ ਮਾਈ ਹੈ।" ( ਗੁਰੂ ਗ੍ਰੰਥ ਸਾਹਿਬ, ਜਪੁ ਜੀ ਪਉੜੀ 5, ਅੰਗ 2 ) 
ਤੀਜੇ, ਉਹ ਸ਼ਬਦ ਹਨ ਜਿਨ੍ਹਾਂ ਵਿੱਚ ਪ੍ਰਾਚੀਨ ਭਾਰਤ ਦੀਆਂ ਇਤਿਹਾਸਿਕ ਅਤੇ ਧਾਰਮਿਕ ਪਰੰਪਰਾਵਾਂ ਵਿੱਚਲੇ ਮਿਥਿਹਾਸਿਕ ਹਵਾਲੇ ਲੈ ਕੇ ਵਿਭਿੰਨ ਸੰਕਲਪਾਂ, ਸਿਧਾਂਤਾਦਿ ਉੱਪਰ ਚਰਚਾ ਕਰਦਿਆਂ, ਕਲਾਸਿਕੀ ਸਾਹਿਤ ਵਿੱਚ ਉਹਨਾਂ ਦੇ ਪ੍ਰਯੋਗ-ਪ੍ਰਯੋਜਨ ਨੂੰ ਉਭਾਰ ਕੇ ਸਿੱਖੀ ਦੇ ਰਹੱਸਵਾਦ ਨੂੰ ਉਜਾਗਰ ਕਰਨ ਹਿੱਤ ਗੁਰਮੱਤ ਅਨੁਸਾਰੀ ਪੇਸ਼ਕਾਰੀ ਮਿਲਦੀ ਹੈ। ਇਸ ਗਜ਼ਬ ਦੇ ਤਰੀਕੇ ਨਾਲ ਸਿੱਖ ਗੁਰੂ ਸਾਹਿਬਾਨ ਨੇ ਧਰਮ ਅਤੇ ਫਲਸਫ਼ੇ ਅੰਦਰ ਸਰਬ ਧਰਮਾਂ ਅੰਦਰ ਪਰਸਪਰ ਭਰਾਤਰੀ ਭਾਵ ਦੀ ਏਕਤਾ ( Ecumenism ) ਪੈਦਾ ਕੀਤੀ। 

ਗੁਰੂ
ਗ੍ਰੰਥ ਸਾਹਿਬ ਅਤੇ ਦਸਮ ਗ੍ਰੰਥ ਵਿੱਚ ਪਰਮਸੱਤਾ ਦੇ ਵਿਸ਼ੇਸ਼ਿਕ ਨਾਮ ( ਕਿਰਤਮ ਨਾਮ ਅਤੇ ਕਰਮ ਨਾਮ ) ਤਿੰਨ ਭਾਵਾਂ/ਬੋਧਾਂ ਵਿੱਚ ਵਰਤੇ ਗਏ ਹਨ:

(i) ਸ਼ਬਦ ਵਿਯੁਤਪਤੀ ਬੋਧ ( etymological sense );
(ii) ਇਤਿਹਾਸਿਕ ਬੋਧ ( historic sense ), ਅਤੇ
(iii) ਰਹੱਸਾਤਮਿਕ ਬੋਧ ( mystic sense ) ਤਹਿਤ,
ਤਾਂਕਿ ਉਸ ਇੱਕ ਅਕੱਥ ਪੂਰਣ/ਨਿਰਪੇਖ ( ਇੱਕ ) ਦੇ ਸਰਬ-ਵਿਆਪਕ ਆਤਮ ( ਓੰਕਾਰ ) ਨੂੰ ਲੱਖਿਤ ਕੀਤਾ ਜਾ ਸਕੇ। ਗੁਰੂ ਗ੍ਰੰਥ ਸਾਹਿਬ ਅਤੇ ਦਸਮ ਗ੍ਰੰਥ ਵਿੱਚ ਪਰਮਸੱਤਾ ਨੂੰ ਦੋਵਾਂ ਨਿਰਗੁਣ ( ਵਿਸ਼ੇਸ਼ਣ-ਰਹਿਤ ) ਅਤੇ ਸਰਗੁਣ ( ਪਰਮ ਦਾ ਜ਼ਾਹਿਰਾ ਸਰੂਪ ਵਿਸ਼ੇਸ਼ਣਾ ਸਹਿਤ ) ਦਾ ਜ਼ਿਕ੍ਰ ਮਿਲਦਾ ਹੈ।  ਪਰ, ਸਰਗੁਣ ਸਰੂਪ ਦਾ ਵਰਣਨ ਪਰਮ ਦੇ ਉਸੇ ਨਿਰਗੁਣ ਦਿਵਯ-ਪ੍ਰਕਾਸ਼ ਨੂੰ ਪ੍ਰਗਟਾਉਣ ਲਈ ਹੀ ਕੀਤਾ ਗਿਆ ਹੈ ਜੋ ਹਰ ਪ੍ਰਾਣੀ-ਮਾਤ੍ਰ ਵਿੱਚ ਵੀ ਇੱਕ ਰਸ ਵਿਆਪਕ ਹੈ ਅਤੇ ਉਨ੍ਹਾਂ ਦੇਵਾਂ ਅਤੇ ਦੇਵੀਆਂ ਵਿੱਚ ਵੀ ਜਿਸਦੀ ਹਿੰਦੂ ਮਤ ਵਾਲੇ ਪਰਮਾਤਮ ਦੇ ਹੀ ਆਂਸ਼ਿਕ ਵਜੋ ਪੂਜਾ ਕਰਦੇ ਸਨ; ਪਰ ਜੋ ਹੈ ਉਸੇ "ਇੱਕ ਅਤੇ ਅਕ੍ਰਿਤਮ/ਅਕਿਰਤਮ"( ) ਦਾ "ਜ਼ਾਹਿਰ ਦਿਵ੍ਯ-ਪ੍ਰਕਾਸ਼" ( ਓੰਕਾਰ ) ਰੂਪ। ਇਹ ਗੁਰੂ ਨਾਨਕ ਦੀ ਜਪੁਜੀ ਦੇ : ਅਕੱਥ ਪੂਰਣ/ਨਿਰਪੇਖ ਪਰਮਸੱਤ ਅਤੇ ਓੰਕਾਰ: ਉਸਦੀ ਪ੍ਰਤੱਖ ਸਰਬ-ਵਿਆਪਕ ਦਿਵ੍ਯ-ਜੋਤਿ, ਜੋ ਹਰੇਕ ਜੀਵ ਨੂੰ ਜੀਵਨ ਵੀ ਦਿੰਦੀ ਹੈ ਅਤੇ ਉਸ ਅੰਤਰਿ ਪਰਮਜੋਤੀ ਦਾ ਪ੍ਰਕਾਸ਼ ਵੀ ਕਰਦੀ ਹੈ, ਦੇ ਦੋ ਸੰਕਲਪਾਂ ( ) ਉੱਪਰ ਆਧਾਰਿਤ ਹੈ। ਇਹ ਉਪਨਿਸ਼ਦਾਂ ਦਾ ਦਰਸ਼ਨ ਨਹੀਂ ਸਗੋਂ ਗੁਰਮਤਿ ਗਾਡੀ-ਰਾਹ ਹੈ ਜੋ ਪਰਮ ਦੀ ਇੱਕਮਿਕਤਾ ਦਾ ਦਰਸ਼ਨ ਪੇਸ਼ ਕਰਦਾ ਹੈ, ਉਸਦੇ ਗਿਆਨਾਤੀਤ, ਸਰਬਸ਼ਕਤੀਮਾਨ ਅਤੇ ਸਰਬਗਯ ਹੋਣ ਦਾ ਜਿੱਥੇ ਉਹੋ ਇੱਕ ਹੀ ਪੈਦਾ ਵੀ ਕਰਦਾ ਹੈ, ਪਾਲਣ ਅਤੇ ਉਥਾਪਣ ਵੀ; ਜੋ ਸਭਨਾਂ ਅਵਤਾਰਾਂ, ਨਬੀਆਂ, ਪੈਗੰਬਰਾਂ, ਦੇਵਦੂਤਾਂ, ਦੇਵੀ ਦੇਵਤਿਆਂ ਨੂੰ ਪੈਦਾ ਕਰਕੇ ਉਹਨਾਂ ਰਾਹੀਂ ਆਪਣਾ ਹੁਕੁਮ ਵਰਤਾਉਂਦਾ ਹੈ ਅਤੇ ਉਹ ਹੀ ਚਲਾ ਰਿਹਾ ਹੈ ਇਹ ਬ੍ਰਹਿਮੰਡੀ ਜਗਤ ਤਮਾਸ਼ਾ: ਬਚਿਤ੍ਰ ਨਾਟਕ। ਵਿਸ਼ਨੂ ਸਹਸਰਨਾਮਾ ਅਤੇ ਸ਼ਿਵ ਸਹਸਰਨਾਮਾ ਚੋਂ ਕਰੀਬਨ 100 ਵਿਸ਼ੇਸ਼ਿਕ ਨਾਮ ਗੁਰੂ ਗ੍ਰੰਥ ਸਾਹਿਬ ਅਤੇ ਦਸਮ ਗ੍ਰੰਥ ਵਿੱਚ ਆਉਂਦੇ ਹਨ ਪਰ ਇੱਕ ਵੀ ਥਾਂ ਹਿੰਦੂ ਦੇਵੀ-ਦੇਵਾਂ ਲਈ ਨਹੀਂ ਸਗੋਂ ਸਿਰਫ਼ ਅਤੇ ਸਿਰਫ਼ ਉਸ ਅਕਾਲ ਪੁਰਖ ਉਸ ਪਰਮਸੱਤਾ ਲਈ। ਪਰਮਸੱਤ ਦੇ ਇਹਨਾਂ ਵਿਸ਼ੇਸ਼ਕ ਕ੍ਰਿਤਮ/ਕਰਮ ਨਾਵਾਂ ਦਾ ਇੱਕ ਅੰਸ਼ ਬਣਾ ਕੇ ਲਘੂ ਦੇਵੀ-ਦੇਵਾਂ ਦੀ ਪੂਜਾ ਪ੍ਰਾਰਥਨਾ ਸਮੇਂ ਇਸਤੇਮਾਲ ਕਰਨਾ ਹਿੰਦੂ ਮਤ ਦਾ ਇੱਕ ਵਿਸ਼ੇਸ਼ ਪਹਿਲੂ ਹੈ ਪਰ ਇੱਥੇ ਹੀ ਸਿੱਖੀ ਦਾ ਇਸ ਪਰੰਪਰਾ ਨਾਲੋਂ ਤੋੜ-ਵਿਛੋੜਾ ਹੁੰਦਾ ਹੈ ਅਤੇ ਨਿਆਰਾਪਣ ਪ੍ਰਗਟ ਹੁੰਦਾ ਹੈ ਕਿ ਇਹ ਸਾਰੇ ਨਾਮ ਸਿੱਖੀ ਅੰਦਰ ਉਸ ਅਕੱਥ ਅਲੱਖ ਨਿਰੰਕਾਰ ਲਈ ਅਤੇ ਸਿਰਫ ਉਸੇ ਲਈ ਹੀ ਵਰਤੇ ਜਾਂਦੇ ਹਨ। ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ਹੈ:
ਏਕ ਮੂਰਤਿ ਅਨੇਕ ਦਰਸਨ ਕੀਨ ਰੂਪ ਅਨੇਕ ॥ ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰਿ ਏਕ ॥
ਉਹ ( ਅਕਾਲਪੁਰਖ ) ਅਨੇਕਾਂ ਰੂਪਾਂ ਵਿੱਚ ਜ਼ਾਹਿਰ ਹੈ ਪਰ ਆਤਮ ਅਤੇ ਸਰੂਪ ਉਸਦਾ ਇੱਕ ਹੀ ਹੈ; ਭਾਵੇਂ ਉਸਨੇ ਆਪਣੇ ਆਪ ਨੂੰ ਬਹੁ-ਬਿਧਿ ਪ੍ਰਗਟ ਕੀਤਾ ਹੋਇਆ ਹੈ। ਆਪਣੇ ਇਸ ਬਚਿਤ੍ਰ ਨਾਟਕ ਲਈ ਉਹ ਕੁਦਰਤ ਦਾ ਪਸਾਰਾ ਕਰਦਾ ਹੈ ਇਹ ਬ੍ਰਹਿਮੰਡੀ ਖੇਡ ਖੇਡਣ ਤੋਂ ਮਗਰੋਂ ਉਹ ਸਭ ਸਮੇਟ ਕੇ ਸਦਾ ਵਾਂਗ ਹੀ ਇੱਕ ਹੀ ਸਦਾ ਹੈ। ( ਦਸਮ ਗ੍ਰੰਥ, ਜਾਪੁ ਸਾਹਿਬ 82: 3-4. )

ਪ੍ਰੋਫ਼. ਜੈਫਰੀ ਪੈਰਿੰਦਰ ਨੇ ਮੈਕਾਲਿਫ਼ ਦੁਆਰਾ ਦਸਮ ਗ੍ਰੰਥ ਵਿੱਚੋਂ ਕੀਤੇ ਅਨੁਵਾਦਾਂ ਨੂੰ ਵਾਚਣ ਮਗਰੋਂ ਲਿਖਿਆ,
"ਖ਼ਾਲਸਾ ਪੰਥ ਦੀ ਸਿਰਜਣਾ ਕਰਨ ਵਾਲੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ ਵੀ ( ਗੁਰੂ ) ਨਾਨਕ ਵਾਂਗ ਹੀ ਲੋਕ ਚਿੱਤ ਨੂੰ ਅਵਤਾਰਾਂ ਤੋ ਹਟਾ ਕੇ 'ਇੱਕ ਪ੍ਰਮਾਤਮ' ਵੱਲ ਮੋੜਨ ਪ੍ਰਤੀ ਦ੍ਰਿੜ-ਸੰਕਲਪ ਸਨ।"
( ਅਵਤਾਰ ਅਤੇ ਅਵਤਰਣ; Avatars and Incarnation, p. 95).
ਉਹ ਆਪਣੇ ਇਹ ਵਿਚਾਰ, "ਗੁਰੂ ਗੋਬਿੰਦ ਸਿੰਘ ਦੁਆਰਾ ਰਚਿਤ ਜਾਂ ਪ੍ਰਵਾਨ ਕੀਤੇ ਗਏ 'ਚੌਬੀਸ ਅਵਤਾਰ' ਦੀਆਂ ਸਿਖਿਆਵਾਂ" ਉੱਪਰ ਆਧਾਰਿਤ ਕਹਿੰਦਾ ਹੈ ਅਤੇ ਇਸ ਲਈ ਉਹ ਨਿਮਨਲਿਖਿਤ ਹਵਾਲੇ ਦਿੰਦਾ ਹੈ:

"ਇਹ ਜੋ ਚੌਬੀਸ ਅਵਤਾਰ ਕਹੇ ਜਾਂਦੇ ਹਨ ਇਨ੍ਹਾਂ ਵੀ ਪਰਮ ਦਾ ਰੱਤੀ ਭਰ ਭੇਦ ਨਹੀਂ ਪਾਇਆ ..... ਹੇ ਪਰਮ! ਤੂੰ ਅਜਨਮਾ ਹੈਂ ..... ਜੇ ਕ੍ਰਿਸ਼ਨ ਹੀ ਪਰਮ ਸੀ ਤਾਂ ਉਹ ਮਰਿਆ ਕਿਉਂ? .... ਆਪਣੇ ਆਪ ਨੂੰ ਅਜਨਮਾ ਅਤੇ ਅਗੋਚਰ ਕਹਿਣ ਵਾਲਾ ਦੇਵਕੀ ਦੀ ਕੁੱਖ ਵਿੱਚ ਕਿਉਂ ਆਇਆ।"
(Geoffrey Parrinder, Avatar and Incarnation, p. 96).


ਵੇਦਿਕ ਅਤੇ ਉੱਤਰ-ਵੇਦਿਕ ਕਾਲ ਦੇ ਸਾਹਿਤ, ਸਮੇਤ ਉਪਨਿਸ਼ਦਾਂ ਦੇ, ਓਂਕਾਰ ਪਦ ਦੀ ਵਰਤੋ ਪਰਮ ਲਈ ਹੀ ਕੀਤੀ ਗਈ ਹੈ ਪਰ ਹਿੰਦੂ ਮਿਥਿਹਾਸ ਵਿੱਚ ਇਸਨੂੰ ਵਿਭਿੰਨ ਦੇਵੀ-ਦੇਵਤਿਆਂ ਨਾਲ ਜੋੜ ਦਿੱਤਾ ਗਿਆ। ਸਿੱਖ ਧਾਰਮਿਕ ਗ੍ਰੰਥਾਂ ਵਿੱਚ ਕੀਤੇ ਵੀ ਇਸਨੂੰ ਕਿਸੇ ਦੇਵੀ ਦੇਵ ਨਾਲ ਨਹੀਂ ਸਗੋਂ ਸਿਰਫ ਅਤੇ ਸਿਰਫ਼ ਏਕਮਕਾਰ ਲਈ, ਜੋ ਨਿਰਗੁਣ ਇੱਕ ਦਾ ਪ੍ਰਗਟ ਸਰਗੁਣ ਸਰੂਪ ਸਰਬਵਿਆਪਕ ਸਰੂਪ ਹੈ, ਇਸੇ ਨੂੰ ਸਿੱਖ ਧਾਰਮਿਕ ਗ੍ਰੰਥਾਂ ਵਿੱਚ ਇੱਕ, ਏਕਸ, ਇਕਤ, ਇਕੈ, ਅਤੇ ਏਕਮ ਵੀ ਪੁਕਾਰਿਆ ਗਿਆ ਹੈ। ਓੰਕਾਰ ਇਸੇ ਇੱਕ=ਨਿਰਪੇਖ ਨਿਰੰਕਾਰ ਵਾਹਿਦ ਪਰਮ, ਦੀ ਸ੍ਰਿਜਨਾਤਮਿਕ ਸ਼ਕਤੀ ਦਾ ਜ਼ਾਹਿਰ ( ਸਰਗੁਣ ) ਨਾਮ ਹੈ।  ਗੁਰੂ ਗ੍ਰੰਥ ਸਾਹਿਬ ਅਤੇ ਦਸਮ ਗ੍ਰੰਥ ਵਿੱਚੋਂ ਕੁਝ ਗੁਰੂ-ਹੁਕੁਮ:
ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ ਪਰਵਾਣੁ ॥ ਇਕੁ ਸੰਸਾਰੀ ਇਕੁ ਭੰਡਾਰੀ ਇਕੁ ਲਾਏ ਦੀਬਾਣੁ ॥
ਉਸ ਇੱਕ ਤੋਂ ਮਿਥਿਹਾਸਿਕ ਦੇਵੀ, ਮਾਯਾ, ਆਈ ਜਿਸਨੇ ਉਸ ਪਰਮ ਦੇ ਮਾਨਿਤ ਤਿੰਨ ਚੇਲੇ ਪੈਦਾ ਕੀਤੇ: ਬ੍ਰਹਮਾ, ਵਿਸ਼ਣੂ ਅਤੇ ਸ਼ਿਵ  .... ਆਪਣੇ ਹੁਕੁਮ ਅਨੁਸਾਰ ਉਹ ਪਰਮ ਇਨ੍ਹਾਂ ਤਿੰਨਾਂ ਤੋਂ ਕੰਮ ਲੈਂਦਾ ਹੈ। ਸਭਤੋਂ ਵੱਡਾ ਬ੍ਰਹਿਮੰਡੀ ਕ੍ਰਿਸ਼ਮਾ ਇਹੋ ਹੈ ਕਿ ਉਸ ਪਰਮ ਨੂੰ ਤਾਂ ਇਹ ਤਿੰਨੋ ਨਜ਼ਰ ਆਉਂਦੇ ਹਨ, ਪਰ, ਇਹ ਉਸਨੂੰ ਨਹੀਂ ਦੇਖ ਸਕਦੇ।
( ਗੁਰੂ ਗ੍ਰੰਥ ਸਾਹਿਬ, ਗੁਰੂ ਨਾਨਕ, ਜਪੁ ਜੀ, ਪਉੜੀ 30, ਅੰਗ 7. )

ਓਅੰਕਾਰਿ ਬ੍ਰਹਮਾ ਉਤਪਤਿ ॥ ਓਅੰਕਾਰੁ ਕੀਆ ਜਿਨਿ ਚਿਤਿ ॥
ਓਅੰਕਾਰਿ ਸੈਲ ਜੁਗ ਭਏ ॥ ਓਅੰਕਾਰਿ ਬੇਦ ਨਿਰਮਏ ॥
 ਓਅੰਕਾਰ ਨੇ ਬ੍ਰਹਮਾ ਪੈਦਾ ਕੀਤਾ। ਜਿਸਨੇ ਉਸਦੇ ਨਾਮੁ ਦਾ ਧਿਆਨੁ ਕੀਤਾ। ਓਅੰਕਾਰ ਤੋਂ ਹੀ ਦੇਸ਼-ਕਾਲ ਉਪਜੇ। ਓਅੰਕਾਰ ਤੋਂ ਹੀ ਪਰਮ ਗਿਆਨ ਦਾ ਨਿਰਮਾਣ ਹੋਇਆ।
( ਗੁਰੂ ਗ੍ਰੰਥ ਸਾਹਿਬ, ਗੁਰੂ ਨਾਨਕ, ਦਖਣੀ ਓਅੰਕਾਰੁ, ਅੰਗ 929-30 )

ਓਅੰਕਾਰਿ ਉਤਪਾਤੀ ॥ ਕੀਆ ਦਿਨਸੁ ਸਭ ਰਾਤੀ ॥
ਓਅੰਕਾਰ ਹੀ ਸਿਰਜਕ/ਕਰਤਾ ਹੈ। ਉਸੇ ਨੇ ਦਿਨ ਅਤੇ ਰਾਤ ਬਣਾਏ।
( ਗੁਰੂ ਗ੍ਰੰਥ ਸਾਹਿਬ, ਗੁਰੂ ਅਰਜਨ, ਰਾਗ ਮਾਰੂ, ਅੰਗ 1003 )
ਪ੍ਰਿਥਮੈ ਓਅੰਕਾਰ ਤਿਨ ਕਹਾ ॥ ਸੋ ਧੁਨ ਪੂਰ ਜਗਤ ਮੋ ਰਹਾ ॥ 
ਤਾ ਤੇ ਜਗਤ ਭਯੋ ਬਿਸਥਾਰਾ ॥ ਪੁਰਖ
ਪ੍ਰਕ੍ਰਿਤ ਜਬ ਦੁਹੂ ਬਿਚਾਰਾ ੩੦
ਅਪ੍ਰਗਟ, ਨਿਰੰਕਾਰ ਨੇ ਆਦਿ ਵਿੱਚ ਓਅੰਕਾਰ ਉਚਰਿਆ। ਇਹੋ ਨਾਦ ਸਾਰਾ ਜਗਤ ਹੋ ਗੂੰਜਿਆ। ਓਅੰਕਾਰ ਦੇ ਆਤਮ ਤੋਂ ਹੀ ਜਗਤ ਦਾ ਨਿਰੂਪਣ ਹੋ ਗਿਆ ਅਤੇ ਪੁਰੁਸ਼ ਅਤੇ ਪ੍ਰਕ੍ਰਿਤੀ ਦਾ ਭੇਦ ਹੋ ਗਿਆ।  
( ਦਸਮ ਗ੍ਰੰਥ, ਗੁਰੂ ਗੋਬਿੰਦ ਸਿੰਘ, ਚੌਬੀਸ ਅਵਤਾਰ, ਪੰਨਾ 158 )

ਪ੍ਰਿਥਮ ਕਾਲ ਜਬ ਕਰਾ ਪਸਾਰਾ ॥ ਓਅੰਕਾਰ ਤੇ ਸ੍ਰਿਸਟਿ ਉਪਾਰਾ ॥
ਜਦੋਂ ਪਰਮ ਨੇ ਜਗਤ ਦੀ ਸ਼ੁਰੁਆਤ ਕੀਤੀ ਤਾਂ ਓਅੰਕਾਰ ਤੋਂ ਹੀ ਸਾਰੀ ਸ੍ਰਿਸ਼ਟੀ ਪ੍ਰਗਟ ਰੂਪ ਹੋਈ।
( ਦਸਮ ਗ੍ਰੰਥ, ਬਚਿਤ੍ਰ ਨਾਟਕ, 2: 10, ਪੰਨਾ 47 ).

ਪ੍ਰਥਮ ਕਾਲ ਸਭ ਜਗ ਕੋ ਤਾਤਾ ॥ ਤਾ ਤੇ ਭਯੋ ਤੇਜ ਬਿਖ੍ਯਾਤਾ ॥

ਸੋਈ ਭਵਾਨੀ ਨਾਮੁ ਕਹਾਈ ॥ ਜਿਨਿ ਸਿਗਰੀ ਯਹ ਸ੍ਰਿਸਟਿ ਉਪਾਈ ॥
ਪਹਿਲੋਂ-ਪਹਿਲ ਕਰਤੇ ਪਰਮ ਨੇ ਇੱਕ ਅਨੰਤ ਦਿਵ੍ਯ-ਪ੍ਰਕਾਸ਼ ਉਪਜਾਇਆ ਅਤੇ ਫਿਰ ਦਿਵ੍ਯ-ਕਵਾਓ ਓਅੰਕਾਰ ਉਚਾਰ ਕੇ ਸ੍ਰਿਸ਼ਟੀ ਸਾਜ ਦਿੱਤੀ। ਉਸਦੀ ਇਸ ਸ੍ਰਿਜਨਾਤਮਿਕ ਸ਼ਕਤੀ ਦੇ ਪ੍ਰਗਟ ਭਵਿਤ ਹੋਣ ਦੀ ਕ੍ਰਿਆ ਹੀ ਭਵਾਨੀ ਹੈ।
( ਦਸਮ ਗ੍ਰੰਥ, ਚੌਬੀਸ ਅਵਤਾਰ, 29-30, ਪੰਨੇ 157-158 )

ਓਅੰਕਾਰ ਕਹ ਇਕ ਦਾ ਕਹਾ।। ਭੂਮਿ ਅਕਾਸ ਸਕਲ ਬਨਿ ਰਹਾ।। 
ਪਰਮ ਨੇ ਓਅੰਕਾਰ ਕਿਹਾ ਅਤੇ ਇਸ ਉਚਾਰਣ ਤੋਂ ਹੀ ਧਰਤੀ, ਆਸਮਾਨ ਅਤੇ ਸਭ ਦ੍ਰਿਸ਼ਟ ਜਗਤ ਪੈਦਾ ਹੋਇਆ।
( ਦਸਮ ਗ੍ਰੰਥ, ਪਾਰਸ ਨਾਥ ਅਵਤਾਰ, 335, ਪੰਨਾ 707 )

ਕੀਤਾ ਪਸਾਉ ਏਕੋ ਕਵਾਉ ॥ ਤਿਸ ਤੇ ਹੋਏ ਲਖ ਦਰੀਆਉ ॥
ਆਖਕੇ ਦਸਵੇਂ ਜਾਮੇ ਦੇ ਇਹਨਾਂ ਬਚਨਾਂ ਨੂੰ ਪਹਿਲੇ ਜਾਮੇ ਵਿੱਚ ਗੁਰੂ ਨਾਨਕ ਪਾਤਸ਼ਾਹ ਤਸਦੀਕ ਕੀਤਾ ਹੈ, "ਓਅੰਕਾਰ ਦੇ ਦਿਵ੍ਯ-ਬਚਨ ਨਾਲ ਹੀ ਜਗਤ ਸਾਜਿਆ ਗਿਆ ਅਤੇ ਜੀਵਨ-ਸਿਰਜਕ ਇਸ ਨਾਦ ਤੋਂ ਅੱਗੇ ਜੀਵਨ ਦੀਆਂ ਅਨੰਤ ਧਾਰਾਵਾਂ ਵਹਿ ਤੁਰੀਆਂ।
( ਗੁਰੂ ਗ੍ਰੰਥ ਸਾਹਿਬ, ਜਪੁ ਜੀ, ਪਉੜੀ 16, ਅੰਗ 3 )

ਉਤਸੁਕ ਪਾਠਕ ਸਿੱਖ ਗ੍ਰੰਥਾਂ ਵਿੱਚ ਹਾਜ਼ਿਰ ਸਿਧਾਂਤਿਕ ਸੁਮੇਲਤਾ ਵਿਚਾਰਨ ਲਈ ਵਾਚਣਾ ਚਾਹੇ ਤਾਂ: 

(i)   ਗੁਰੂ ਗ੍ਰੰਥ ਸਾਹਿਬ, ਅੰਗ 276, 294, 736, 782, 838, 916, 930,1034, 1078,1314.
(ii)  ਦਸਮ ਗ੍ਰੰਥ ਅਕਾਲ ਉਸਤਤਿ 1:1, ਪੰਨਾ 11.
(iii) ਭਾਈ ਗੁਰਦਾਸ,
ਵਾਰਾਂ 1:4; 2:20; 3:15; 4:1; 6:11; 7:16; 8:1-2; 13:11; 16:11,18; 18:1-2,7,11, 19:1; 22:1; 25:1; 26:2,5; 37:2; 39:1,2,4,13; 40:6,12,16.
ਕਬਿੱਤ ਸਵਈਏ 49,51,54,56,98,244,274,278,342 ਅਤੇ 624.

ਹਿੰਦੂਮੱਤ ਦੇ ਜਾਣਕਾਰ ਭੀ ਇਹੋ ਵਿਚਾਰ ਦੇ ਧਾਰਨੀ ਹਨ ਕਿ ਇਹ ਦੇਵੀ-ਦੇਵਾ ਅਬਿਨਾਸ਼ੀ ਨਹੀਂ ਹਨ; ਵੇਤੱਮ ਮਣੀ ਇਹੋ ਗੱਲ ਇੰਝ ਕਹਿੰਦਾ ਹੈ, "ਬ੍ਰਹਮਾ, ਵਿਸ਼ਨੂ ਅਤੇ ਮਹੇਸ਼ ਦੀ ਤ੍ਰਿਮੂਰਤੀ ਵੀ ਬਿਨਸਣਯੋਗ ਹੈ।" ( ਪੌਰਾਣਿਕ ਵਿਸ਼ਵਕੋਸ਼, ਪੰਨਾ 864. )

ਗੁਰੂ ਫ਼ਤਹਿ !
ਅਨੁਰਾਗ ਸਿੰਘ
2 ਅਪ੍ਰੈਲ, 2015
========================================
ਅਨੁ.: ਦਲਵੀਰ ਸਿੰਘ ਗਿੱਲ

No comments:

Post a Comment