Saturday, May 30, 2015

॥ ਖ਼ਿਆਲ ਪਾਤਿਸ਼ਾਹੀ ੧੦॥ ਭਾਰਤੀ ਸੰਗੀਤ ਦੇ ਇਤਿਹਾਸ ਵਿੱਚ ਸਰਬਪ੍ਰਥਮ ਖਿਆਲ — ਪ੍ਰੋਫ਼ ਅਨੁਰਾਗ ਸਿੰਘ





ਖ਼ਿਆਲ ਪਾਤਿਸ਼ਾਹੀ ੧੦॥ ਭਾਰਤੀ ਸੰਗੀਤ ਦੇ ਇਤਿਹਾਸ ਵਿੱਚ ਸਰਬਪ੍ਰਥਮ ਖਿਆਲ



ਪ੍ਰੋਫ਼ ਅਨੁਰਾਗ ਸਿੰਘ ******************************************************************






ਖ਼ਿਆਲ ਵਿੱਚ ਸ਼ਾਸਤ੍ਰੀ-ਸੰਗੀਤ ਦਾ ਗਾਇਕ ਰਾਗ ਅਤੇ ਤਾਲ ਦੇ ਨਿਯਮਾਂ ਅਤੇ ਸਿਧਾਂਤਾਂ ਦੀਆਂ ਬੰਦਿਸ਼ਾਂ ਦੇ ਅੰਤਰਗਤ ਵੀ ਆਪਣੇ ਜ਼ਾਤੀ ਭਾਵ-ਵਿਚਾਰਾਂ ਦੀ ਅਭਿਵਿਅਕਤੀ ਦੀ ਵੀ ਆਜ਼ਾਦੀ ਮਾਣ ਸਕਦਾ ਹੈ। ਖ਼ਿਆਲ ਦਾ ਮੂਲ ਇਬਾਰਤੀ ਰੂਪ ਪਰੰਪਰਾਗਤ ਧ੍ਰੁਪਦ  ਨਾਲੋਂ ਆਕਾਰ ਵਿੱਚ ਛੋਟਾ ਹੁੰਦਾ ਹੈ। ਇਸਦੇ ਦੋ ਹੀ ਬੰਦ ਹੁੰਦੇ ਹਨ: ਸਥਾਈ ਅਤੇ ਅੰਤਰਾ। ਇਸਦੀ ਹਰ ਪੰਕਤੀ ਦੇ ਅੰਤ ਉੱਪਰ ਸ੍ਵਰ-ਧ੍ਵਨੀ "ਆ" ਆਉਂਦੀ ਹੈ।




ਸ਼ੁਧ ਖ਼ਿਆਲ ਦੇ ਇਨ੍ਹਾਂ ਨਿਯਮਾਂ ਦਾ ਪੂਰਣ ਨਿਭਾਉ ਕਰਦਿਆਂ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਰਚਿਤ ਇਸ਼ਕ਼ ਹਕ਼ੀਕ਼ੀ ਦਾ ਲਾਫ਼ਾਨੀ ਨਗਮਾ, "॥ਮਿਤ੍ਰ ਪਿਆਰੇ ਨੂੰ, ਹਾਲੁ ਮੁਰੀਦਾਂ ਦਾ ਕਹਣਾ॥" ਭਾਰਤੀ ਸੰਗੀਤ ਦੀ ਅਮੀਰ ਪਰੰਪਰਾਵਾਂ ਵਿੱਚ ਲਿਖਿਆ ਗਿਆ ਪਹਿਲਾ ਖ਼ਿਆਲ  ਹੈ। ਗੁਰੂ ਗੋਬਿੰਦ ਸਿੰਘ ਜੀ ਦੁਆਰਾ ਰਚਿਤ ਕੇਵਲ ਇਸੇ ਹੀ ਸ਼ਬਦ ਵਿੱਚ ਦੋ ਪਦ: ਸਥਾਈ ਅਤੇ ਅੰਤਰਾ ਹਨ; ਇਸ ਵਿੱਚ ਹਰ ਪੰਕਤੀ "ਆ" ਸ੍ਵਰ-ਧ੍ਵਨੀ ਉੱਪਰ ਸਮਾਪਤ ਹੁੰਦੀ ਹੈ: ਕਹਣਾ, ਰਹਣਾ, ਸਹਣਾ  ਅਤੇ ਇਕੇਰਾਂ ਫਿਰ - ਰਹਣਾ

ਸੰਗੀਤ ਦੇ ਪ੍ਰਬੀਨ ਵਿਦਵਾਨਾਂ ਨੇ ਖ਼ਿਆਲ  ਦੇ ਉਦਭਵ ਅਤੇ ਵਿਕਾਸ ਉੱਪਰ ਖ਼ੋਜ ਕੀਤੀ ਹੈ ਪਰ ਕਿਸੇ ਨੇ ਵੀ ਗੁਰੂ ਗੋਬਿੰਦ ਸਿੰਘ ਜੀ ਦੀ ਇਸ ਦੇਣ ਨੂੰ ਨਹੀਂ ਉਭਾਰਿਆ ਕਿਉਂਕਿ ਭਾਰਤੀ ਸੰਗੀਤਿਕ ਪਰੰਪਰਾ ਨੂੰ ਹੋਰ ਅਮੀਰ ਬਣਾਉਂਦੇ ਹੋਏ, ਉੱਦਾਤੀ ਪਰਮਆਨੰਦ ਦੀ ਬਖਸ਼ਿਸ਼ ਕਰਨ ਵਾਲੀ ਇੱਕ ਨਵੀਨ ਪ੍ਰਗੀਤਿਕ ਵਿਧਾ ਦੇ ਗੁਰੂ ਗੋਬਿੰਦ ਸਿੰਘ ਦੁਆਰਾ ਦਿੱਤੇ ਦਾਨ ਤੋਂ ਜਗਤ ਤੋਂ ਜਾਣੂੰ ਕਰਵਾਉਣ ਦਾ ਸਤਿਗੁਰਾਂ ਦੇ ਕਿਸੇ ਵੀ ਸਿੱਖ ਵਿਦਵਾਨ ਨੇ ਕਦੇ ਕੋਈ ਉੱਦਮ ਹੀ ਨਹੀ ਕੀਤਾ। ਫ਼ਕ਼ੀਰ ਉੱਲਾਹ ( 17ਵੀਂ ਸਦੀ ) ਅਤੇ ਮਿਰਜ਼ਾ ਖ਼ਾਨ ਜਿਹੇ ਵਿਦਵਾਨ ਇਸ ਵਿਚਾਰ ਦੇ ਹਨ ਕਿ ਅਮੀਰ ਖ਼ੁਸਰੋ ( 1254-1324 ) ਨੇ ਖ਼ਿਆਲ  ਗਾਇਕੀ ਦੀ ਸ਼ੁਰੂਆਤ ਕੀਤੀ। ਤੱਥਾਂ ਦੀ ਗੈਰਹਾਜ਼ਿਰੀ ਕਾਰਣ ਇਹ ਵਿਚਾਰ ਮਹਿਜ਼ ਫਹਿਮ ਹੀ ਹੈ। ਅਮੀਰ ਖ਼ੁਸਰੋ ਦੀ ਜੀਵਨੀ ਲਿਖਣ ਵਾਲਾ ਸ਼ਿਬਲੀ ਵੀ ਸ਼ੀਰ-ਉਲ-ਆਜ਼ਮ ( ਜਾਂ ਹਯਾਤ-ਏ-ਖ਼ੁਸਰੋ ) ਵਿੱਚ ਕਿਧਰੇ ਵੀ ਖ਼ੁਸਰੋ ਦੀ ਅਜਿਹੀ ਈਜਾਦ ਦਾ ਜ਼ਿਕ੍ਰ ਨਹੀਂ ਕਰਦਾ।

ਪ੍ਰੋਫ਼. ਮ. ਰ. ਗੌਤਮ ਦੇ ਵਿਚਾਰ ਸਹੀ ਪ੍ਰਤੀਤ ਹੁੰਦੇ ਹਨ, "ਉਸਦੇ ( ਖ਼ੁਸਰੋ ਦੇ ) ਸਮਕਾਲੀਆਂ ਦੁਆਰਾ ਲਿਖੇ ਕਿਸੇ ਵੀ ਇਤਿਹਾਸ ਵਿੱਚ ਕਿਧਰੇ ਵੀ ਖ਼ਿਆਲ ਦ ਜ਼ਿਕ੍ਰ ਤਕ ਨਹੀਂ ਹੈ। ਜੇ ਇਹ ਮੰਨ ਵੀ ਲਈਏ ਕਿ ਇਸ ਰੂਪ ਨੂੰ ਅਮੀਰ ਖ਼ੁਸਰੋ ਨੇ ਜਨਮ ਦਿੱਤਾ, ਤਦ ਵੀ ਇੰਝ ਹੀ ਭਾਸਦਾ ਹੈ ਕਿ ਕ਼ਵਾਲੀ ਦੁਆਰੇ ਉਸਰਿਆ ਖ਼ੁਸਰੋ ਦਾ ਖ਼ਿਆਲ ਆਪਣੀ ਕੁਦਰਤੀ ਮੌਤ ਉਦੋਂ ਹੀ ਮਰ ਗਿਆ ਜਿਉਂ ਹੀ ਖ਼ੁਸਰੋ ਦੀ ਫ਼ੌਤਗੀ ਨਾਲ ਕ਼ਵਾਲੀ ਦਾ ਇਹ ਅੰਦਾਜ਼ ਵੀ ਜਾਂਦਾ ਰਿਹਾ ..... 16ਵੀਂ ਸਦੀ ਤੱਕ ਦੀਆਂ ਵਿਚਕਾਰਲੀਆਂ ਸਦੀਆਂ ਵਿੱਚ ਖ਼ਿਆਲ ਕਿਧਰੇ ਨਜ਼ਰ ਨਹੀਂ ਪੈਂਦਾ।" ( ਭਾਰਤ ਦਾ ਸੰਗੀਤਿਕ ਵਿਰਸਾ ਪੰਨਾ 43 )। ਕਪਤਾਨ ਵਿਲਆਰਡ ਦੀ ਰਾਇ ਅਨੁਸਾਰ ਖ਼ਿਆਲ ਮੁੱਖ ਰੂਪ ਖ਼ੈਰਾਬਾਦ ਦੇ ਇਲਾਕੇ ਵਿੱਚ ਬੋਲੀ ਜਾਂਦੀ ਉਪ-ਬੋਲੀ ਵਿੱਚ ਹੀ ਸਿਰਜਿਆ ਜਾਂਦਾ ਸੀ ਅਤੇ ਇਹ ਮੁਹੰਮਦ ਸੁਲਤਾਨ ਹੁਸੈਨ ਸ਼ਾਰਕ਼ ( 1458-1499 ਈ. ) ਦੀ ਘਾੜ੍ਹਤ ਸੀ। ਪਰ ਪ੍ਰੋਫ਼ ਸ. ਬੰਧੁਉਪਾਧਿਆ ਬਲਪੂਰਵਕ ਤਰੀਕੇ ਨਾਲ ਇਸ ਪਰਿਕਲਪਨਾ ਨੂੰ ਮੁਢੋਂ ਹੀ ਰੱਦ ਕਰਦਿਆਂ ਕਹਿੰਦਾ ਹੈ, "ਇਤਿਹਾਸਿਕ ਤੱਥਾਂ ਦੀ ਪੜਚੋਲ ਨਾਲ ਇਹ ਇੱਕਰਾਇ ਕਿਸੇ ਤਰਾਂ ਵੀ ਨਹੀਂ ਉਸਾਰੀ ਜਾ ਸਕਦੀ ਕਿ ਅਮੀਰ ਖ਼ੁਸਰੋ ਜਾਂ ਸੁਲਤਾਨ ਸ਼ਰਕ਼ ਸਿਰ ਇਸ ਨਵੀਂ ਲੱਭਤ ਦਾ ਸਿਹਰਾ ਬੰਨਿਆ ਜਾਵੇ। ਅਮੀਰ ਖ਼ੁਸਰੋ ਦੇ ਸਮੇਂ ਵਿੱਚ ਤਾਂ ਧ੍ਰੁਪਦ ਦਾ ਵੀ ਚਲਣ ਆਮ ਨਹੀਂ ਸੀ ਹੋਇਆ ਤਾਂ ਉਸਨੂੰ ਖ਼ਿਆਲ ਦਾ ਖ਼ੋਜੀ ਕਿਵੇਂ ਕਿਹਾ ਜਾ ਸਕਦਾ ਹੈ। ਹਾਂ, ਅਮੀਰ ਖ਼ੁਸਰੋ ਨੇ ਕ਼ਵਾਲੀ ਜਿਹੀ ਗਾਇਕੀ ਦਾ ਜ਼ਰੂਰ ਪ੍ਰਚਲਣ ਕੀਤਾ ਪਰ ਖ਼ਿਆਲ ਦਾ ਹਰਗਿਜ਼ ਨਹੀਂ।" ( ਭਾਰਤੀ ਸੰਗੀਤ: ਵਿਭਿੰਨ ਕਾਲ-ਖੰਡਾਂ ਅੰਦਰ, ਪੰਨਾ 111 )   

ਸੰਗੀਤ ਦੇ ਲਤੀਫ਼ ਪਾਰਖੂਆਂ ਵਿੱਚੋਂ ਇੱਕ, ਠਾਕੁਰ ਜੈਦੇਵ ਸਿੰਘ, ਖ਼ਿਆਲ ਨਾਮਕਰਣ ਵਾਲੇ ਕ਼ਵਾਲੀ ਦੇ ਇਹਨਾਂ ਦੋ ਅੰਦਾਜ਼ਾਂ ਬਾਰੇ ਆਪਣਾ ਨਿਰੀਖਣ ਇਨ੍ਹਾਂ ਸ਼ਬਦਾਂ ਵਿੱਚ ਪੇਸ਼ ਕਰਦੇ ਹਨ, "ਕਿਉਂਕਿ ਇਹ ਸ਼ੈਲੀ ਰੋਮਾਨੀ ਸੀ ਅਤੇ ਅਲੰਕ੍ਰਿਤ ਸੀ ਇਸਦਾ ਦਾਖ਼ਲਾ ਮੰਦਰਾਂ ਵਿੱਚ ਨਾ ਹੋ ਪਾਇਆ। ਅਤੇ, ਇਸਨੂੰ ਆਸਰਾ ਦੇਣ ਵਾਲੇ ਕਥਿਕ-ਨ੍ਰਿਤਕ, ਨਾਚੀਆਂ ਅਤੇ ਸਮਰਾਟ ਸਨ।" ( ਭਾਰਤੀ ਸੰਗੀਤ ਦਾ ਇਤਿਹਾਸ, ਪੰਨਾ 184 )

ਗੁਰੂ ਗੋਬਿੰਦ ਸਿੰਘ ( 1666-1708 ਈ. ) ਉਹ ਪਹਿਲੇ ਕਵੀ-ਦਾਰਸ਼ਨਿਕ ਸਨ ਜਿਹਨਾਂ ਨੇ ਧੀਮਾ ਖ਼ਿਆਲ, "ਮਿਤ੍ਰ ਪਿਯਾਰੇ ਨੂੰ ਹਾਲ ਮੁਰੀਦਾਂ ਦਾ ਕਹਨਾ" ਦੀ ਪਹਿਲੋਂ-ਪਹਿਲ ਮਾਛੀਵਾੜੇ ਦੇ ਜੰਗਲਾਂ ਵਿੱਚ 8 ਦਸੰਬਰ, 1705 ਈ. ਨੂੰ ਸਿਰਜਣਾ ਕੀਤੀ। 14ਵੀਂ ਤੋਂ 18ਵੀਂ ਸਦੀ ਦੇ ਸਾਰੇ ਕਾਵਿ-ਸਾਹਿਤ ਵਿੱਚ ਇਹੋ ਇੱਕੋ ਇੱਕ ਰਚਨਾ ਮਿਲਦੀ ਹੈ ਜਿਸਦੇ ਸਿਰਲੇਖ ਵਿੱਚ ਖ਼ਿਆਲ ਦਰਜ਼ ਹੈ ਅਤੇ ਨਾਲ ਹੀ ਜੋ ਸ਼ੁਧ ਖਿਆਲ ਦੇ ਸਾਰੇ ਨਿਯਮਾਂ ਉੱਪਰ ਵੀ ਪੂਰਣ ਉਤਰਦੀ ਹੈ।

ਇਸ ਤਰਾਂ ਨਾਲ ਗੁਰੂ ਗੋਬਿੰਦ ਸਿੰਘ ਉਹ ਪਹਿਲੇ ਕਵੀ ਅਤੇ ਸੰਗੀਤਕਾਰ ਹਨ ਜਿਹਨਾਂ ਨੇ ਨਾ ਸਿਰਫ਼ ਖ਼ਿਆਲ ਦਾ ਸ਼ੁਧ ਸਰੂਪ ਹੀ ਜਗਤ ਨੂੰ ਬਖਸ਼ਿਸ਼ ਕੀਤਾ ਸਗੋਂ ਇਸ ਰਾਗ ਨੂੰ ਵੀ ਦੁਰਾਚਾਰੀ ਕੰਦਰਾਂ ਵਿੱਚੋਂ ਕੱਢਿਆ ਅਤੇ ਸੱਚਖੰਡ ਦੇ ਮੰਡਲ ਵਿੱਚ ਨਿਵਾਸ ਨਾਲ ਨਿਵਾਜਣ ਹਿੱਤ ਇਸਨੂੰ ਉਸ ਦਸਮ ਗ੍ਰੰਥ ਵਿੱਚ ਸਥਾਨ ਦਿੱਤਾ ਜਿਸਦਾ ਸਿੱਖ ਧਰਮਸਾਲਾਂ ਵਿੱਚ ਪਠਨ ਕੀਰਤਨ ਹੋਣਾ ਸੀ। 

ਗੁਰੂ ਜੀ ਦੇ ਜੋਤਿ ਜੋਤੁ ਸਮਾਉਣ ਤੋਂ ਵੀਹ ਸਾਲ ਬਾਅਦ ਦੋ ਵਗ੍ਯਾਕਾਰ ( ਕਵੀ+ਸੰਗੀਤਕਾਰ+ਸੰਗੀਤ ਰਚਿਯਤਾ ) ਸਨ ਜਿਨ੍ਹਾਂ ਗੁਰੂ ਜੀ ਦੀ ਖ਼ਿਆਲ  ਪੱਧਤੀ ਦੀ ਅਮੀਰ ਸੰਪਦਾ ਨੂੰ ਅੰਗੀਕਾਰ ਕਰਦਿਆਂ ਇਸਦੇ ਸੰਭਾਲਣ ਅਤੇ ਸੁਰਜੀਤ ਰੱਖਣ ਦਾ ਕਾਰਜ ਆਪਣੀ ਗਾਇਕੀ ਨਾਲ ਕੀਤਾ, ਪਹਿਲਾ ਤਾਂ ਤਾਨਸੇਨ ਦੀ ਕੰਨਿਆਂ ਦੇ ਖ਼ਾਨਦਾਨ 'ਚੋਂ ਨਿਆਮਤ ਖ਼ਾਨ ਸਦਾਰੰਗ ਸੀ ਅਤੇ ਦੂਸਰਾ ਉਸਦਾ ਹੀ ਸੁਪੁਤ੍ਰ ਅਦਾਰੰਗ ਜਿਨ੍ਹਾਂ ਗੁਰੂ ਜੀ ਮਗਰੋਂ ਕਾਫ਼ੀ ਬਾਅਦ ਤੱਕ, ਮੁਹੰਮਦ ਸ਼ਾਹ ਰੰਗੀਲਾ ( 1719-1748 ਈ. ) ਦੇ ਰਾਜ-ਕਾਲ ਦੌਰਾਨ, ਗੁਰੂ ਜੀ ਦੁਆਰਾ ਸਿਰਜੇ ਖ਼ਿਆਲ  ਦੇ ਸ਼ੁਧ ਰੂਪ ਦਾ ਸ਼ਾਸਤਰੀ ਗਾਇਣ ਕੀਤਾ। ਇਸੇ ਤੱਥ ਨੂੰ ਸੰਗੀਤ ਦਾ ਸੁਪ੍ਰਸਿਧ ਵਿਦਵਾਨ, ਸਵਾਮੀ ਪ੍ਰਜਾਨਾਨੰਦ, ਇਸ ਤਰਾਂ ਤਸਦੀਕ ਕਰਦਾ ਹੈ, "ਸਦਾਰੰਗ ਨੇ ਖ਼ਿਆਲ ਦਾ ਜੋ ਨਿਰੂਪਣ ਕੀਤਾ ਉਹ ਜਾਂ ਤਾਂ ਕਿਸੇ ਸ਼ਾਸਤਰੀ ਸੰਗੀਤ ਪ੍ਰਬੰਧ ਉੱਪਰ ਆਧਾਰਿਤ ਸੀ ਜਾਂ ਫਿਰ ਅਸਲੋਂ ਹੀ ਨਵੇਂ ਅਤੇ ਉੱਤਮ ਰੂਪ, ਜੋ ਆਪਣੇ ਸੰਵਰੇ ਸ਼ੁੱਧ ਰੂਪ ਵਿੱਚ ਉਸ ਸਮੇਂ ਦੇ ਸਮਾਜ ਵਿੱਚ ਮੌਜੂਦ ਸੀ, ਉੱਪਰ।" ( ਭਾਰਤੀ ਸੰਗੀਤ ਦਾ ਇਤਿਹਾਸਿਕ ਅਧਿਐਨ, ਪੰਨਾ 185 )

ਗੁਰੂ ਗੋਬਿੰਦ ਸਿੰਘ ਜੀ ਦੁਆਰਾ ਰਚੇ ਇਸ ਇਸ਼ਕ਼-ਹਕ਼ੀਕੀ ਦੇ ਲਾਫ਼ਾਨੀ ਨਗਮੇ ਨੂੰ ਆਪਣੇ ਗਾਇਣ ਸਦਕਾ ਅਮਰ ਕਰ ਦਿੱਤਾ ਉਹ ਨਾਮ ਇੰਝ ਹਨ: ਨਾਨਕ ਨਾਮ ਜਹਾਜ ਹੈ ( 1967 ) ਚਲਚਿਤ੍ਰ ਲਈ ਸ. ਮਹਿੰਦਰ ਦੇ ਸੰਗੀਤ-ਨਿਰਦੇਸ਼ਨ ਵਿੱਚ ਰਾਗ ਮਾਲਕੌਂਸ ਵਿੱਚ ਬਣਾਈ ਧੁਨ ਵਿੱਚ ਗਾ ਕੇ ਮੁਹੰਮਦ ਰਫ਼ੀ; ਫਿਰ ਰਾਗ ਸਾਰੰਗ ਵਿੱਚ ਜਵੱਦੀ ਟਕਸਾਲ ( 1997 ) ਲਈ,  ਸਿੰਘ ਬੰਧੂ; ਇਸ਼ਮੀਤ ਸਿੰਘ ( 2008 ); ਅਤੇ ਹਾਲ ਹੀ ਵਿੱਚ ਰਾਗ ਤਿਲੰਗ ਵਿੱਚ ਰਾਜ ਅਕਾਦਮੀ ਯੂ. ਕੇ. ਵਾਲੇ ਪ੍ਰੋਫੈਸਰ ਸੁਰਿੰਦਰ ਸਿੰਘ ( 2014 )
 *******************************************************************************





ਹਵਾਲਾ ਪੁਸਤਕਾਂ:
The Oxford Encyclopaedia of the Music of India. ( ਆਕਸਫ਼ੋਰਡ ਵਾਲਾ ਭਾਰਤੀ ਸੰਗੀਤ ਦਾ ਵਿਸ਼ਵਕੋਸ਼ )
M.R.Gautam, The Musical Heritage of India. ( ਭਾਰਤ ਦਾ ਸੰਗੀਤਿਕ ਵਿਰਸਾ, ਪ੍ਰੋਫ਼. ਮ. ਰ. ਗੌਤਮ )
Swami Prajnanda, A Historical Study of Indian Music. ( ਭਾਰਤੀ ਸੰਗੀਤ ਦਾ ਇਤਿਹਾਸਿਕ ਅਧਿਐਨ, ਸਵਾਮੀ ਪ੍ਰਜਾਨੰਦ )
S.Bandyopadhyaya, Indian Music: Through the Ages. ( ਭਾਰਤੀ ਸੰਗੀਤ: ਵਿਭਿੰਨ ਕਾਲ-ਖੰਡਾਂ ਅੰਦਰ, ਪ੍ਰੋਫ਼ ਸ. ਬੰਧੁਉਪਾਧਿਆ )
Katherine Butler, "The Origin and Early Development of Khyal" in the book, "Hindustani Music:Thirteenth to Twentieth Centuries."
(ਕੈਥਰੀਨ ਬਟਲਰ, "ਖ਼ਿਆਲ ਦਾ ਉਦਭਵ ਅਤੇ ਮੁਢਲਾ ਵਿਕਾਸ" ; ਪੁਸਤਕ "ਭਾਰਤੀ ਸੰਗੀਤ: 13ਵੀਂ ਤੋਂ 20ਵੀਂ ਸਦੀ" ਵਿੱਚ )
Encyclopaedia of Khyal. ( ਖ਼ਿਆਲ  ਦਾ ਵਿਸ਼ਵਕੋਸ਼ )
=======================================================================

ਅਨੁਵਾਦ ਦਲਵੀਰ ਗਿੱਲ

No comments:

Post a Comment